ਕਹਾਣੀਆਂ

ਲੜੀਵਾਰ ਕਹਾਣੀ
                                                (ਜੋਧਾ ਜੁਗਾੜੀ ਜੱਟ @ ਯਾਊ ਸ਼ਾਟ ਕਟ)

(ਮੈਟਰੋ ਸਟੇਸ਼ਨ)
ਗੁਰਮੇਲ ਸਿੰਘ ਭੁੱਲਣਹਾਰ
 ਜੋਧਾ ਪਹਿਲੇ ਦਿਨ ਤੋਂ ਹੀ ਬਹੁਤ ਜੁਗਾੜੀ ਹੈ . ਛੋਟਾ ਹੁੰਦਾ ਜੋਧਾ ਐਨਕ ਦੇ ਸ਼ੀਸ਼ੇ ਨਾਲ ਕਾਗਜ਼ ਨੂੰ ਅੱਗ ਲਾ ਦਿੰਦਾ . ਸੈਲਾਂ ਨਾਲ ਤਾਰ ਜੋੜ ਕੇ ਛੋਟਾ ਬਲਭ ਚਲਾਉਣਾ , ਰੇਡੀਓ, ਟੇਪ, ਬਿਜਲੀ ਦੇ ਸਮਾਨ ਨੂੰ ਖੋਲ ਕੇ ਦੁਬਾਰਾ ਫਿੱਟ ਕਰ ਦੇਣਾ ਉਸਦੀ ਆਦਤ ਸੀ . ਵੱਡਾ ਹੋ ਕੇ ਇਕ ਦਿਨ ਜੋਧਾ ਜਿੰਦਲ ਸਾਹਿਬ ਨਾਲ ਦਿੱਲੀ ਚਲਾ ਗਿਆ . ਮੈਟਰੋ ਅਜੇ ਉਸ ਸ਼ਹਿਰ ਵਿਚ ਚੱਲੀ-ਚੱਲੀ ਸੀ , ਮੈਟਰੋ ਤੋਂ ਉੱਤਰ ਕੇ ਜੋਧਾ ਸਟੇਸ਼ਨ ਤੋਂ ਬਾਹਰ ਨਿਕਲਨ ਲੱਗਾ ਤਾਂ ਓਹ ਆਪਣੀ ਕਾਹਲੀ ਨਾਲ ਤੁਰਨ ਦੀ ਆਦਤ ਨੂੰ ਪੁਗਾਉਂਦਾ ਹੋਇਆ ਅੱਗੇ ਨਿਕਲ ਗਿਆ ਤੇ ਜਿੰਦਲ ਸਾਹਿਬ ਪਿਛੇ ਰਹਿ ਗਏ , ਜਿੰਨਾ ਕੋਲ ਜੋਧੇ ਦੀ ਟਿਕਟ ਸੀ , ਜੋਧਾ ਅਜੇ ਨਿਕਲਨ ਹੀ ਲੱਗਾ ਸੀ ਕਿ ਓਹਦੇ ਅੱਗੇ ਬਿਜਲੀ ਦਾ ਇਕ ਡੰਡਾ ਜਾ ਲੱਗ ਗਿਆ , ਜਿਸ ਨਾਲ ਟੋਕਨ ਟਚ ਕਰ ਕੇ ਅੱਗੇ ਲੰਘਣਾ ਸੀ . ਜੋਧਾ ਉਸਦੇ ਉੱਤੋਂ ਦੀ ਲੰਘਣ ਲੱਗਿਆ ਤਾਂ ਸਕਿਉਰਿਟੀ ਵਾਲਿਆਂ ਨੇ ਜੋਧੇ ਨੂੰ ਘੇਰ ਲਿਆ . ਜੋਧੇ ਨੂੰ ਕੁਛ ਸਮਝ ਨਾ ਆਵੇ ਬਈ ਹੋਈ ਕੀ ਜਾਂਦਾ , ਏਨੇ ਨੂੰ ਜਿੰਦਲ ਸਾਹਿਬ ਨੇ ਟੋਕਨ ਦਿਖਾ ਕੇ ਜੋਧੇ ਨੂੰ ਮਸਾਂ ਛੁਡਾਇਆ . ਜੋਧਾ ਕਹਿੰਦਾ ਜਨਾਬ ਏਥੋਂ ਦੇ ਸਕਿਉਰਿਟੀ ਵਾਲੇ ਪਾਗਲ ਈ ਲਗਦੇ ਨੇ , ਬਈ ਦੱਸ ਪਹਿਲਾਂ ਤਾਂ ਮੁਹਰੇ ਡੰਡਾ ਜਾ ਅੜਕਾਤਾ, ਜੇ ਹੁਣ ਮੈਂ ਓਹਦੇ ਉੱਤੋਂ ਦੀ ਨਾ ਟੱਪਦਾ ਤਾਂ ਹੋਰ ਕੀ ਥੱਲੋਂ ਦੀ ਲੰਘਦਾ . ਜਨਾਬ ਆਪਾਂ ਤਾਂ ਹੁਣ ਤਕ ਸ਼ਾਟ ਕਟ ਹੀ ਮਾਰੇ ਨੇ .
*********************************************************
(ਢਠਾ ਨਿਸ਼ਾਨ ਖਾ ਗਿਆ )
                  ਜੋਧਾ ਜੁਗਾੜੀ ਆਪਣੀ ਭੈਣ ਦੇ ਘਰ ਬਠਿੰਡੇ ਗਿਆ ਹੋਇਆ ਸੀ . ਓਹਨਾਂ ਦਿੰਨਾ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਜੋਧੇ ਦੀ ਭੈਣ ਦੇ ਪਰਿਵਾਰ ਨੇ ਪ੍ਰਭਾਤ ਫੇਰੀ ਦੀ ਸੰਗਤ ਨੂ ਚਾਹ ਪਿਲਾਉਣੀ ਸੀ . ਦੇਰ ਰਾਤ ਓਹਨਾ ਦੇ ਯਾਦ ਆਇਆ ਕਿ ਸੰਗਤ ਨੂੰ ਦਿਸ਼ਾ ਨਿਰਦੇਸ਼ ਲਈ ਘਰ ਪਹੁੰਚਣ ਲਈ ਕਲੀ ਦੇ ਨਿਸ਼ਾਨ ਤਾਂ ਪਾਏ ਨਹੀਂ . ਉਸ ਨੇਲੇ ਦੁਕਾਨਾਂ ਵੀ ਬੰਦ ਹੋ ਚੁਕੀਆਂ ਸਨ , ਕਿਤੋਂ ਕਲੀ ਵੀ ਨਹੀਂ ਮਿਲੀ . ਜੋਧੇ ਜੁਗਾੜੀ ਨੂੰ ਸਕੀਮ ਸੁਝੀ ਤੇ ਦਿਨ ਚੜਨ ਤੋ ਪਹਿਲਾਂ-ਪਹਿਲਾਂ ਜੋਧੇ ਨੇ 'ਸ਼ਾਰਟ ਕਟ' ਮਾਰਿਆ . ਓਹਨੇ ਕਲੀ ਦੀ ਥਾਂ ਤੇ ਆਟੇ ਦਾ ਪੀਪਾ ਭਰ ਲਿਆ . ਸਵੇਰੇ ਤਿੰਨ ਵਜੇ ਉਠ ਕੇ ਸੜਕਾਂ ਤੇ ਤੀਰ ਦੇ ਨਿਸ਼ਾਨ ਲਗਾ ਦਿੱਤੇ . ਜੋਧਾ ਨਿਸ਼ਾਨ ਲਗਾਉਂਦਾ ਗਿਆ , ਓਹਦੇ ਮਗਰ-ਮਗਰ ਇਕ ਢਠਾ ਆਟੇ ਦੇ ਨਿਸ਼ਾਨਾ ਤੋਂ ਆਟਾ ਖਾਂਦਾ ਗਿਆ. ਜਦੋਂ ਜੋਧੇ ਨੂੰ ਪਤਾ ਚਲਿਆ ਤਾਂ ਜੋਧਾ ਢਠੇ ਦੇ ਮਗਰ ਡਾਂਗ ਲੈ ਕੇ ਪੈ ਗਿਆ .ਢਠੇ ਨੂੰ ਦੂਰ ਭਜਾ ਆਇਆ . ਇਕ ਪੀਪਾ ਆਟੇ ਦਾ ਹੋਰ ਘਰੋਂ ਲਿਆ ਕੇ ਨਿਸ਼ਾਨ ਲਗਾ ਦਿੱਤੇ . ਢਠਾ ਫੇਰ ਦੂਜੀ ਗਲੀ ਤੋਂ ਆਕੇ ਨਿਸ਼ਾਨ ਸਾਫ਼ ਕਰ ਗਿਆ . ਜਦੋਂ ਜੋਧਾ ਘਰੇ ਵਾਪਿਸ ਆਇਆ ਤਾਂ ਓਦੋਂ ਨੂੰ ਸੰਗਤ ਚਾਹ ਪੀ ਕੇ ਘਰੋਂ ਵਾਪਿਸ ਹੋ ਗਈ ਸੀ . ਜੋਧੇ ਨੂੰ ਉਸਦੀ ਭੈਣ ਨੇ ਪੁਛਿਆ , ਜੋਧੇ ਤੂੰ ਕਿਥੇ ਸੀ ? ਜੋਧਾ ਕਹਿੰਦਾ ਭੈਣੇ ਢਠਾ ਨਿਸ਼ਾਨ ਖਾ ਗਿਆ ਸੀ . ਮੈਂ ਉਸਨੁ ਭਜਾਉਣ ਗਿਆ ਸੀ . ਸਾਰੇ ਸੁਣ ਕੇ ਹੈਰਾਨ ਹੋ ਗਏ ਬਈ ਢਠਾ ਕੇਹੜੇ ਨਿਸ਼ਾਨ ਖਾ ਗਿਆ . ਜੋਧੇ ਦੇ ਦੱਸਣ ਤੇ ਪਤਾ ਚਲਿਆ ਕਿ ਜੋਧੇ ਨੇ ਕਲੀ ਦੀ ਥਾਂ ਆਟੇ ਨਾਲ ਨਿਸ਼ਾਨ ਲਾ ਦਿਤੇ ਸਨ . ਸਾਰੇ ਉਸਦੀ ਗੱਲ ਸੁਣ ਕੇ ਵੇਹੜੇ ਵਿਚ ਲਿਟਦੇ ਫਿਰਨ . 
'ਭੁੱਲਣਹਾਰ' ਗੁਰਮੇਲ
9888310979