ਆਰਟੀਕਲ


ਨਵਦੀਪ ਵਿਕੀ 


 ਕਾਬਿਲ ਕਲਮ ਦਾ ਮਾਲਿਕ  "ਦਿਲਪ੍ਰੀਤ"
ਬਰਨਾਲਾ ਸ਼ਹਿਰ ਦੇ ਦਿਲਪ੍ਰੀਤ ਸਾਹਿਲ ਦਾ ਸਾਹਿਤ ਦੇ ਖੇਤਰ ਦਾ ਇਕ ਮਕਬੂਲ ਨਾਮ ਹੈ . ਦਿਲਪ੍ਰੀਤ ਤੇ ਪੰਜਾਬੀ ਦੀ ਇਹ ਕਹਾਵਤ ਉਚੇਚੇ ਤੋਰ ਤੇ ਫਿਟ ਬੈਠਦੀ ਹੈ "ਜਿੰਨਾ ਨਿੱਕਾ ਓਹਨਾ ਤਿਖਾ" . ਛੋਟੀ ਉਮਰੇ ਦਿਲਪ੍ਰੀਤ ਸਾਹਿਲ ਸ਼ੁਰੇ ਦੀ ਧਾਰ ਵਾਂਗ ਏਨਾ ਤਿਖਾ ਹੋ ਗਿਆ ਹੈ ਕਿ ਕਲਾ ਦੇ ਹਰ ਖੇਤਰ ਵਿਚ ਅੰਦਰ ਤਕ ਧੱਸ ਜਾਂਦਾਂ ਹੈ .ਓਹਨੇ ਸਾਹਿਤ ਦੀ ਹਰ ਕਲਾ ਨੂੰ ਆਪਣੇ ਅੰਗ-ਸੰਗ ਮਾਣਿਆ ਹੈ ,ਚਾਹੇ ਓਹ ਐਕਟਿੰਗ ਹੋਵੇ , ਡ੍ਰੇਕਸ਼ਨ  ਹੋਵੇ , ਪੇਟਿੰਗ ਜਾਂ ਕਾਮੇਡੀ . ਹੁਣ ਓਹਨੇ ਨਾਟਕ ਲਿਖ ਕੇ ਇਹ ਸਾਬਿਤ ਕਰ ਦਿਤਾ ਹੈ ਕੇ ਕੋਈ ਵੀ ਕਲਾ ਉਸਤੋਂ ਬਚਕੇ ਨਹੀਂ ਰਹ ਸਕਦੀ , ਓਹ ਆਪਣੇ ਅੰਦਰ ਛੁਪੀ ਹਰ ਕਲਾ ਦਾ ਅਪ੍ਰੇਸ਼ਨ ਕਰ ਦਿੰਦਾਂ ਹੈ . ਇਕ ਵਾਰ ਉਸਦੀ ਜੇਬ ਵਿਚ ਕਟ੍ਟਰ ਦੇਖ ਕੇ ਮੈਂ ਉਸਨੂੰ ਕਿਹਾ ਡਾਕਟਰ ਸਾਹਿਬ ਹੁਣ ਕਿਸ ਚੀਜ ਦਾ ਅਪ੍ਰੇਸ਼ਨ ਕਰਨਾ ਹੈ ਤਾਂ ਓਹਨੇ ਆਪਣੇ ਬੈਗ ਵਿਚੋਂ ਇਕ ਚਾਕ ਕਢਿਆ ਤੇ ਉਸਨੂੰ ਖਰੋਦਨ ਲਗ ਗਿਆ , ਥੋੜੀ ਦੇਰ ਬਾਅਦ ਦੇਖਿਆ ਤਾਂ ਉਸਨੇ ਚਾਕ ਤੇ ਇਕ ਮੂਰਤੀ ਬਣਾ ਦਿਤੀ , ਮੈਂ ਇਹ ਸਭ ਦੇਖ ਕੇ ਹੈਰਾਨ ਰਹ ਗਿਆ , ਉਸਨੇ ਵਾਲ- ਪੇਟਿੰਗ ਵੀ ਕੀਤੀ ਹੈ , ਉਸਨੇ ਮਿੱਟੀ ਨਾਲ ਵੀ ਤਸਵੀਰਾਂ ਬਣਾਈਆਂ ਨੇ , ਤੇ ਹੁਣ ਚਾਕ ਤੇ ਵੀ .
ਆਪਣੀ ਜਿੰਦਗੀ ਵਿਚ ਦਿਲਪ੍ਰੀਤ ਨੇ ਅਨੇਕਾਂ ਉਤਰਾ-ਚੜਾ ਦੇਖੇ ਨੇ , ਓਹਨੇ ਗਰੀਬੀ ਦੀ ਅੱਗ ਨੂੰ ਆਪਣੇ ਜਿਸਮ ਤੇ ਹੰਢਾਇਆ ਹੈ , ਓਹਨੇ ਜੋ ਸੇਕ ਝੱਲੇ ਨੇ ਓਹ ਹਰ ਸੋਨੇ ਨੂੰ ਚਮਕ ਆਉਣ ਤੋਂ ਪਹਿਲਾਂ ਝਲਨੇ ਪੈਂਦੇ ਨੇ . ਓਹ ਹਮੇਸ਼ਾ ਜਿੰਦਗੀ ਨਾਲ ਲੜਦਾ ਰਿਹਾ ਹੈ ਤੇ ਹਮੇਸ਼ਾ ਜਿਤਿਆ ਹੈ , ਮੁਸ਼ਕਲਾਂ ਦੇ ਦੌਰ ਚੋਂ ਗੁਜਰ ਕੇ ਲੰਘਦਿਆਂ ਅੱਜ ਓਹ ਆਪਣੇ ਦਮ ਤੇ ਇਕ ਸਰਕਾਰੀ ਸਕੂਲ ਵਿਚ ਸਰਕਾਰੀ ਟੀਚਰ ਹੈ . ਪੂਰੀ ਪਰਵਾਜ਼ ਟੀਮ ਨੂੰ  ਉਸਦੀ ਸਫਲਤਾ ਤੇ ਫ਼ਕਰ ਹੈ .
ਦਿਲਪ੍ਰੀਤ ਅਲ ਇੰਡੀਆ ਕ੍ਮ੍ਪੀਟਿਸ਼ਨ ਵਿਚ ਐਕਟਿੰਗ ਵਿਚ ਦੋ ਵਾਰ ਗੋਲ੍ਡ ਮੈਡਲਿਸਟ ਰਹਿ ਚੁੱਕਾ ਹੈ . ਕਾਲਜ਼ ਦੇ ਅਤੇ ਹੋਰ ਕਈ ਮੁਕਾਬਲਿਆਂ  ਵਿਚ ਅਨੇਕਾਂ ਵਾਰ ਉਸਨੇ ਮਮਿਕਰੀ ਵਿਚ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ . ਪੇਟਿੰਗ ਵਿਚ ਉਸਦਾ ਹਥ ਕੈਮਰੇ ਜਿੰਨਾ ਸਾਫ਼ ਚਲਦਾ ਹੈ ..
ਅਸੀਂ ਦੁਆ ਕਰਦੇ ਹਾਂ ਕਿ ਓਹ ਹਰ ਕਲਾ ਦਾ ਇਸੇ ਤਰ੍ਹਾਂ ਅਪ੍ਰੇਸ਼ਨ ਕਰਦਾ ਰਹੇ . ਰੱਬ ਉਸਦੇ ਰਾਹਾਂ ਦੇ ਵਿੰਗ-ਵਲੇਵਿਆਂ ਨੂੰ  ਸਿਧ੍ਹਾ ਕਰਦਾ ਰਹੇ
- ਨਵਦੀਪ ਸਿੰਘ ਵਿਕੀ 9872262354 
****************************************************************************************

ਅਣਖ਼ ਦੇ ਨਾਂ ਤੇ ਹੁੰਦੀ ਹੈਵਾਨੀਅਤ...


ਪਰਮਜੀਤ ਕੱਟੂ
 ਦੋਸਤੋ, ਇਸ ਆਰਟੀਕਲ ਵਿੱਚ ਜਾਣ-ਬੁੱਝ ਕੇ ਕੁਝ ਖੱਪੇ ਛੱਡੇ ਗਏ ਹਨ ਤਾਂ ਕਿ ਤੁਸੀਂ ਬਹਿਸ ਕਰ ਸਕੋ। ਬਹੁਤ ਕੁਝ ਇਸ ਵਿਸ਼ੇ 'ਤੇ ਛਪ ਜਾਣ ਦੇ ਬਾਵਜੂਦ ਵੀ ਇਹ ਆਰਟੀਕਲ ਇਸ ਕਰਕੇ ਲਿਖਿਆ ਕਿ ਜਦੋਂ ਤੱਕ ਬਿਮਾਰੀ ਖ਼ਤਮ ਨਹੀਂ ਹੰਦੀ,ਉਦੋਂ ਤੱਕ ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਰਹਿਣਾ ਚਾਹੀਦਾ ਹੈ।--ਲੇਖ਼ਕ


ਬੇਰੁਜ਼ਗਾਰੀ, ਰਿਸ਼ਵਤਖੋਰੀ, ਗੁੰਡਾਗਰਦੀ, ਦਹਿਸ਼ਤਗਰਦੀ,ਫਿਰਕਾਪ੍ਰਸਤੀ, ਅਣਜੋੜ ਵਿਆਹ, ਨਸਲਵਾਦ, ਜਾਤ-ਪਾਤ,ਅਨਪੜ੍ਹਤਾ, ਭੁੱਖਮਰੀ, ਮਹਿੰਗਾਈ, ਬਾਲ-ਮਜ਼ਦੂਰੀ, ਬੰਧੂਆ-ਮਜ਼ਦੂਰੀ, ਕਾਲਾ-ਬਾਜਾਰੀ, ਭਰੂਣ ਹੱਤਿਆ, ਦੇਹ ਵਪਾਰ, ਕਿਸਾਨਾਂ ਦੀਆਂ ਖੁਦਕਸ਼ੀਆਂ, ਦਾਜ ਦੀ ਸਮੱਸਿਆ, ਨਸ਼ਿਆਂ ਦੇ ਦਰਿਆ, ਸਿਖਿਆ ਤੇ ਸਿਹਤ ਸਹੂਲਤਾਂ ਜਿਹੀਆਂ ਮੁਢਲੀਆਂ ਲੋੜਾਂ ਤੋਂ ਸਰਕਾਰਾਂ ਦੀ ਕਿਨਾਰਾਕਸ਼ੀ, ਭਾਈ-ਭਤੀਜਾਵਾਦ.....ਅਜਿਹਾ ਹੋਰ ਵੀ ਬਹੁਤ ਕੁਝ ਹੈ ਜਿਥੇ ਸਾਨੂੰ ਆਪਣੀ ਅਣਖ ਜਗਾਉਣ ਦੀ ਲੋੜ ਹੈ ਤੇ ਅਸੀਂ ਬੇਅਣਖੀ ਦੀ ਨੀਂਦਰ ਸੁੱਤੇ ਰਹਿੰਦੇ ਹਾਂ । ਤੇ ਜਦੋਂ ਦੋ ਇਨਸਾਨ ਆਪਣੀ ਮਨਮਰਜ਼ੀ ਨਾਲ ਆਪਣਾ ਜੀਵਨ ਸਾਥੀ ਚੁਣ ਲੈਂਦੇ ਹਨ ਤਾਂ ਅਣਖ ਦੇ ਨਾਂ 'ਤੇ ਕਤਲ ਕਰਨ ਲੱਗ ਪਏ ਹਾਂ, ਹੈਵਨੀਅਤ ਦਾ ਨੰਗਾ ਨਾਚ ਹੋ ਰਿਹਾ ਹੈ ਅਣਖ਼ ਦੇ ਨਾਂ 'ਤੇ..... ਕਿਹੜੇ ਰਾਹ ਤੁਰ ਪਏ ਹਾਂ ਅਸੀਂ.....
ਜੇ ਇਤਿਹਾਸ 'ਤੇ ਸਰਸਰੀ ਜਿਹੀ ਮਾਰੀਏ ਤਾਂ ਪਤਾ ਚਲਦਾ ਹੈ ਕਿ ਮੈਸੋਪਟਾਮੀਆਂ ਸਭਿਅਤਾ ਵਿਚ 1075 ਈ.ਪੂ. ਅਸਾਈਰੀਅਨ ਲਾਅ ਸੀ ਜਿਸ ਅਨੁਸਾਰ ਆਪਣਾ ਕੁਆਰਾਪਣ ਭੰਗ ਕਰਨ ਵਾਲੀ ਲੜਕੀ ਨੂੰ ਉਸਦਾ ਪਿਤਾ ਸਜ਼ਾ ਦੇਵੇਗਾ । ਇਸੇ ਤਰ੍ਹਾਂ 1790 ਈ.ਪੂ.ਬੇਬੀਲੋਨ ਚ ਕੋਡ ਆੱਫ ਹੈਮੁਰਾਬੀ ਜਾਰੀ ਕੀਤਾ ਗਿਆ ਜਿਸ ਅਨੁਸਾਰ ਪਰ ਪੁਰਸ਼ਗਾਮੀ ਜਾਂ ਪਰ ਇਸਤਰੀਗਾਮੀ ਨੂੰ ਪਾਣੀ 'ਚ ਡਬੋ ਕੇ ਮਾਰ ਦਿੱਤਾ ਜਾਂਦਾ ਸੀ । ਇਤਿਹਾਸ ਦੇ ਬਹੁਤ ਸਾਰੇ ਪੜਾਅ ਲੰਘ ਗਏ ਤੇ ਇਹ ਕਤਲੇਆਮ ਜ਼ਾਰੀ ਰਿਹਾ ਭਾਵੇਂ ਕਿ ਇਸਦੇ ਕਾਰਨ ਤੇ ਢੰਗ ਬਦਲਦੇ ਰਹੇ.....
ਵਿਸ਼ਵ ਪੱਧਰ 'ਤੇ ਤਿੰਨ ਕਾਰਨਾਂ ਕਰਕੇ ਅਣਖ਼ ਦੀ ਖ਼ਾਤਿਰ ਕਤਲ ਕੀਤੇ ਜਾਂਦੇ ਹਨ :
(ੳ) ਪਰਿਵਾਰ ਜਾਂ ਭਾਈਚਾਰੇ ਮਰਜ਼ੀ ਦੇ ਖਿਲਾਫ ਪਹਿਰਾਵਾ ਪਾਉਣਾ ਜਾਂ ਪ੍ਰਚਲਿਤ ਕਰਨਾ
(ਅ) ਪਰਿਵਾਰ ਦੀ ਮਰਜ਼ੀ ਅਨੁਸਾਰ ਵਿਆਹ ਨਾ ਕਰਵਾਉਣਾ ਜਾਂ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣਾ
(ੲ) ਕਿਸੇ ਮਰਦ ਜਾਂ ਔਰਤ ਨਾਲ ਕਾਮ ਕ੍ਰੀੜਾ ਕਰਨਾ
ਸਾਡੇ ਇਤਿਹਾਸ 'ਚ ਵੀ ਅਣਖ਼ ਦੀ ਖ਼ਾਤਿਰ ਕਤਲ ਬਹੁਤ ਵੱਡੇ ਪੱਧਰ 'ਤੇ ਹੋਏ ਮਿਲਦੇ ਹਨ । ਜੋ ਦੇਸ਼ ਵੰਡ ਦੇ ਸਮੇਂ 1947 ਤੋਂ ਲੈ ਕੇ 1950 ਦੇ ਦਰਮਿਆਨ ਵਾਪਰਦੇ ਹਨ । ਵੰਡ ਸਮੇਂ ਬਹੁਤ ਔਰਤਾਂ ਨੂੰ ਪਰਿਵਾਰ ਦੀ ਅਣਖ਼ ਨੂੰ ਬਚਾਉਣ ਦੇ ਨਾਂ 'ਤੇ ਆਪਣਿਆਂ ਵੱਲੋਂ ਹੀ ਜ਼ਬਰਦਸਤੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।ਵੰਡ ਦੌਰਾਨ ਹੀ ਬਹੁਤ ਸਾਰੀਆਂ ਇਕ ਧਰਮ ਦੀਆਂ ਔਰਤਾਂ ਦੇ ਦੂਜੇ ਧਰਮ ਦੇ ਮਰਦਾਂ ਨਾਲ ਦੋਹਾਂ ਮੁਲਕਾਂ ' ਜ਼ਬਰਦਸਤੀ ਵਿਆਹ ਕੀਤੇ ਗਏ ਤੇ ਜਦੋਂ ਇਹਨਾ ਔਰਤਾਂ ਨੂੰ ਆਪਣੇ ਆਪਣੇ ਮੁਲਕ ਵਾਪਿਸ ਜਾਣ ਦਾ ਮੌਕਾ ਮਿਲਿਆ ਤਾਂ ਇਕ ਵਾਰ ਫੇਰ ਇਹਨਾਂ ਨੂੰ ਅਣਖ਼ ਨੇ ਮਰਵਾ ਦਿੱਤਾ । ਇਸ ਪੱਖੋਂ ਦੇਸ਼ ਵੰਡ ਆਧੁਨਿਕ ਭਾਰਤ ਦੇ ਇਤਿਹਾਸ ਦਾ ਖ਼ੌਫ਼ਜ਼ਦਾ ਤੇ ਖ਼ਤਰਨਾਕ ਸਮਾਂ ਸੀ।


ਅਜੋਕੇ ਸਮੇਂ 'ਚ ਖਾਸਕਰ ਭਾਰਤ ਦੇ ਪ੍ਰਸੰਗ 'ਚ ਅਣਖ਼ ਦੀ ਖ਼ਾਤਿਰ ਕਤਲ ਇਕ ਅਜਿਹੀ ਮੌਤ ਹੈ ਜੋ ਪਰਿਵਾਰ ਜਾਂ ਸਕੇ ਸਬੰਧੀਆਂ ਵੱਲੋਂ ਉਸ ਔਰਤ ਨੂੰ ਦਿੱਤੀ ਜਾਂਦੀ ਹੈ ਜੋ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ ਵਿਆਹ ਕਰਵਾਉਂਦੀ ਹੈ ਜਾਂ ਜੋ ਆਪਣੇ ਹੀ ਗੋਤ 'ਚ ਜਾਂ ਹੋਰ ਜਾਤ 'ਚ ਵਿਆਹ ਕਰਵਾਉਂਦੀ ਹੈ ।ਪਰ ਅਣਖ਼ ਦੀ ਖ਼ਾਤਿਰ ਕਤਲ ਦੇ ਵਧੇਰੇ ਮਾਮਲੇ ਅੰਤਰਜਾਤੀ ਵਿਆਹ ਕਰਵਾਉਣ ਕਰਕੇ ਸਾਹਮਣੇ ਆਉਂਦੇ ਹਨ ਜੋ ਬਹੁਤ ਹਿੰਸਕ ਹੁੰਦੇ ਹਨ ਖਾਸਕਰ ਓਦੋਂ ਜਦੋਂ ਕੁੜੀ ਕਿਸੇ ਦਲਿਤ ਜਾਂ ਕਥਿਤ ਨੀਂਵੀ ਜਾਤ ਦੇ ਲੜਕੇ ਨਾਲ ਵਿਆਹ ਕਰਵਾਉਂਦੀ ਹੈ । ਵਧੇਰੇ ਕਤਲ ਓਥੇ ਹੁੰਦੇ ਹਨ ਜਿਥੇ ਖਾਪ ਪੰਚਾਇਤਾਂ ਦਾ ਸਿੱਕਾ ਚਲਦਾ ਹੈ । ਭਾਵ ਜਾਤ ਇਸ ਵਰਤਾਰੇ ਦੇ ਵਾਪਰਨ ਦਾ ਮੁੱਖ ਕਾਰਨ ਹੈ ।


ਯੂਨਾਈਟਡ ਨੇਸ਼ਨਜ ਪਾੱਪੂਲੇਸ਼ਨ ਫੰਡ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ ਹਰ ਸਾਲ 5,000 ਤੋਂ ਵੀ ਵੱਧ ਇਨਸਾਨ ਅਣਖ਼ ਦੀ ਖ਼ਾਤਿਰ ਕਤਲ ਕਰ ਦਿੱਤੇ ਜਾਂਦੇ ਹਨ ।ਏਸ਼ੀਅਨ ਲੋਕ ਇਸ ਮਾਮਲੇ ਕਾਰਨ ਵਧੇਰੇ ਚਰਚਾ 'ਚ ਹਨ ਬਰਤਾਨੀਆਂ 'ਚ ਸਾਲ 2004 ਤਕ 117 ਕੇਸ ਅਜਿਹੇ ਹਨ ਜਿਨ੍ਹਾਂ ਅਨੁਸਾਰ ਏਸ਼ੀਅਨ ਲੋਕਾਂ ਨੇ ਆਪਣੀਆਂ ਜੁਆਨ ਧੀਆਂ ਨੂੰ ਅਣਖ਼ ਦੇ ਨਾਂ 'ਤੇ ਕਤਲ ਕਰ ਦਿੱਤਾ ।ਭਾਰਤ ਵਿਚ ਅਜਿਹੇ ਕਤਲਾਂ ਦਾ ਭਾਵੇਂ ਕੋਈ ਦਫਤਰੀ ਰਿਕਾਰਡ ਨਹੀਂ ਪਰ ਹਰ ਸਾਲ ਅੰਦਾਜ਼ਨ 1,000 ਲੋਕਾਂ ਦੀ ਅਣਖ਼ ਦੇ ਨਾਂ 'ਤੇ ਬਲੀ ਦਿੱਤੀ ਜਾਂਦੀ ਹੈ। ਅਜਿਹੇ ਕਤਲ ਮੁੱਖ ਤੌਰ 'ਤੇ ਦਿੱਲੀ,ਰਾਜਸਥਾਨ, ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ ' ਹੁੰਦੇ ਹਨ। ਸ਼ਕਤੀ ਵਾਹਿਨੀ ਨਾਂ ਦੀ ਗੈਰ ਸਰਕਾਰੀ ਸੰਸਥਾ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ 560 ਕੇਸਾਂ ਵਿਚੋਂ 89 ਫੀਸਦੀ ਜਿਨ੍ਹਾਂ ਕੇਸਾਂ 'ਚ ਪੀੜਿਤ ਜੋੜਿਆਂ ਨੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ ਵਿਆਹ ਕਰਵਾਏ ਸਨ।


ਅਣਖ਼ ਦੇ ਨਾਂ 'ਤੇ ਹੁੰਦੀ ਹੈਵਾਨੀਅਤ ਤੋਂ ਸਿਰਫ ਔਰਤਾਂ ਹੀ ਕਤਲ ਨਹੀਂ ਹੁਦੀਆਂ ਬਲਕਿ ਮਰਦ ਵੀ ਮਾਰੇ ਜਾਂਦੇ ਹਨ । ਸਾਲ 2002 ਦੇ ਅੰਕੜਿਆਂ ਮੁਤਾਬਿਕ ਪਾਕਿਸਤਾਨ 'ਚ ਅੰਦਾਜ਼ਨ 245 ਔਰਤਾਂ ਤੇ 137 ਮਰਦ 'ਕਾਰੋ ਕਾਰੀ' ਦੇ ਨਾਂ ਨਾਲ ਕਤਲ ਕਰ ਦਿੱਤੇ ਗਏ ਅਣਖ਼ ਦੀ ਖਾਤਿਰ ਹੋ ਰਿਹਾ ਕਤਲੇਆਮ ਹੁਣ ਮੋੜਵਾਂ ਰੂਪ ਵੀ ਅਖਤਿਆਰ ਕਰ ਰਿਹਾ ਹੈ । ਜਿਸ ਵਿਚ ਪ੍ਰੇਮੀ ਜੋੜੇ ਮੋੜਵੇਂ ਰੂਪ 'ਚ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਤਲ ਕਰਨ ਦੇ ਰਾਹ ਤੁਰ ਪਏ ਹਨ । ਅਜਿਹਾ ਵਾਪਰਨਾ ਸੁਭਾਵਿਕ ਹੈ ਕਿਉਂਕਿ ਮਨੁੱਖ ਨਾ ਚਾਹੁੰਦਿਆਂ ਵੀ ਜਦੋਂ ਆਪਣਾ ਖ਼ਤਰਾ ਟਾਲਦਾ ਹੈ ਤਾਂ ਹੋਰ ਖ਼ਤਰੇ ਸਹੇੜ ਲੈਦਾਂ ਹੈ ।
ਅਣਖ਼ ਦੇ ਨਾਂ 'ਤੇ ਕੀਤਾ ਕਤਲ ਕਾਨੂੰਨ ਅਨੁਸਾਰ ਕਤਲ ਹੀ ਹੈ ਤੇ ਇਹਦੇ ਲਈ ਸਜ਼ਾ ਪੱਖੋਂ ਕੋਈ ਛੋਟ ਨਹੀਂ ਬਲਕਿ ਜਿਹੜੇ ਕਤਲ ਜ਼ਿਆਦਾ ਬੇਰਹਿਮੀ ਨਾਲ ਕੀਤੇ ਜਾਂਦੇ ਹਨ ਉਥੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ । ਜ਼ਿਕਰਯੋਗ ਹੈ ਕਿ ਅਜਿਹੇ ਕਤਲ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਉਹ ਅਖੌਤੀ ਬੇਇੱਜ਼ਤੀ ਦਾ ਦਾਗ ਇਸ ਤਰ੍ਹਾਂ ਧੋ ਲੈਣਗੇ ਪਰ ਵਾਪਰਦਾ ਇਸਦੇ ਬਿਲਕੁਲ ਉਲਟ ਹੈ, ਨਾ ਸਿਰਫ ਉਹ ਕਿਸੇ ਦੀ ਜ਼ਿੰਦਗੀ ਖ਼ਤਮ ਕਰ ਦਿੰਦੇ ਹਨ ਬਲਕਿ ਖ਼ੁਦ ਵੀ ਕੈਦ ਕੱਟਦੇ ਹਨ ਤੇ ਉਮਰ ਭਰ ਆਪਣੇ ਆਪ ਨੂੰ ਗੁਨਾਹਗਾਰ ਵੀ ਸਮਝਦੇ ਰਹਿੰਦੇ ਹਨ । ਓਹੀ ਸਮਾਜ, ਜਿਸ 'ਚ ਆਪਣੀ ਨੱਕ ਸਲਾਮਤ ਰੱਖਣ ਲਈ ਲੋਕ ਕਤਲ ਕਰਦੇ ਹਨ, ਕਾਤਲਾਂ ਨੂੰ ਕੁੜੀਮਾਰ ਵੀ ਕਹਿੰਦਾ ਰਹਿੰਦਾ ਹੈ । ਭਾਵ ਇਨਸਾਨ ਵੀ ਖੋ ਲੈਂਦੇ ਹਨ ਤੇ ਮਾਣ ਵੀ । ਪੱਲੇ ਰਹਿ ਜਾਂਦਾ ਹੈ ਸਿਰਫ ਪਛਤਾਵਾ । ਇਹ ਮਾਮਲਾ ਓਵੇਂ ਹੀ ਹੈ ਜਿਵੇਂ ਅੱਜ ਤੋਂ ਕਈ ਦਹਾਕੇ ਪਹਿਲਾਂ ਸਤੀ ਪ੍ਰਥਾ ਨੂੰ ਜਾਇਜ਼ ਸਮਝਦੇ ਲੋਕਾਂ ਲਈ ਵਿਧਵਾ ਹੋਈ ਔਰਤ ਨੂੰ ਸਤੀ ਕਰਨਾ ਜਿੰਨਾ ਕੁ ਸਹੀ ਲਗਦਾ ਸੀ ਓਨਾ ਹੀ ਕੁਝ ਲੋਕਾਂ ਨੂੰ ਅਣਖ਼ ਦੀ ਖਾਤਿਰ ਕਤਲ ਜਾਇਜ਼ ਲੱਗਦਾ ਹੈ । ਜਿਵੇਂ ਇਤਿਹਾਸ ਨੇ ਇਹ ਦਿਖਾ ਦਿੱਤਾ ਹੈ ਕਿ ਸਤੀ ਪ੍ਰਥਾ ਵੀ ਪਸ਼ੂਪੁਣਾ ਸੀ ਓਵੇਂ ਅਣਖ਼ ਦੀ ਖਾਤਿਰ ਕਤਲ ਵੀ ਇਤਿਹਾਸ ਦੇ ਪੰਨਿਆਂ ਉੱਤੇ ਪਸ਼ੂਪੁਣੇ ਵਜੋਂ ਦਰਜ਼ ਹੋਣਗੇ । ਸ਼ਾਇਦ ਅਜਿਹੀਆਂ ਹਾਲਤਾਂ ਬਾਰੇ ਹੀ ਸ਼ਾਇਰਾ ਸਾਰਾ ਸ਼ਗੁਫ਼ਤਾ ਨੇ ਲਿਖਿਆ ਹੈ :
ਅਸੀਂ ਅੱਜ ਵੀ ਸਤੀ ਹੋ ਰਹੀਆਂ
ਬਸ ਚਿਖ਼ਾ ਦਾ ਅੰਦਾਜ਼ ਬਦਲ ਗਿਆ ਹੈ



ਕੇਂਦਰ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਅਜਿਹੀ ਹੈਵਾਨੀਅਤ ਨੂੰ ਰੋਕਣ ਲਈ ਕਾਨੂੰਨ ਬਣਾਉਣ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ । ਕੁਝ ਰਾਜ ਸਰਕਾਰਾਂ ਨੇ ਅਜਿਹੇ ਕਤਲੇਆਮ ਨੂੰ ਰੋਕਣ ਲਈ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਹਿਫ਼ਾਜ਼ਤ ਦਾ ਪ੍ਰਬੰਧ ਵੀ ਕੀਤਾ ਹੈ,ਜਿਨ੍ਹਾਂ 'ਚ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ ਕਿ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਛੇ ਹਫ਼ਤੇ ਦੀ ਠਹਿਰ ਸਰਕਾਰੀ ਗੈਸਟ ਹਾਉਸਾਂ ਜਾਂ ਨੋਟੀਫਾਈ ਕੀਤੇ ਥਾਵਾਂ 'ਤੇ ਮੁਹੱਈਆ ਕਰਵਾਈ ਜਾਵੇਗੀ । ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ 25 ਹਜ਼ਾਰ ਰੁਪਏ ਦੀ ਗਰਾਂਟ, ਜਿਸ ਵਿਚ ਭਾਂਡੇ ਤੇ ਘਰੇਲੂ ਵਰਤੋਂ ਦਾ ਸਮਾਨ ਵੀ ਹੁੰਦਾ ਹੈ, ਦਾ ਵੀ ਪ੍ਰਬੰਧ ਹੈ।


ਕਾਨੂੰਨਨ ਵੀ,ਸਮਾਜਿਕ ਤੇ ਵਿਗਿਆਨਕ ਤੌਰ 'ਤੇ ਵੀ ਅੰਤਰਜਾਤੀ ਵਿਆਹ ਸਮਾਜ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ।ਇਹਦੇ ਨਾਲ ਸਮਾਜ ਲਈ ਸਭ ਤੋਂ ਵੱਡੀ ਅਲਾਮਤ ਜਾਤ-ਪਾਤ ਦੀ ਜ਼ਹਿਰ ਘਟੇਗੀ ਜਿਹੜੀ ਸਦੀਆਂ ਤੋਂ ਭਾਰਤੀ ਸਮਾਜ ਦੇ ਮੱਥੇ ਦਾ ਕਲੰਕ ਹੈ ਅਤੇ ਵਿਕਾਸ, ਅਖੰਡਤਾ,ਨੈਤਿਕਤਾ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਆਰਥਿਕ ਬਰਾਬਰਤਾ ਆ ਸਕੇਗੀ। ਮਨੁੱਖੀ ਨਸਲ 'ਚ ਨਵੇਂ ਗੁਣ ਪੈਦਾ ਹੋ ਸਕਣਗੇ । ਸਭ ਤੋਂ ਵੱਡੀ ਗੱਲ ਆਮ ਮਨੁਖ ਮੌਤ ਦੇ ਖ਼ੌਫ ਤੋਂ ਬੇਖ਼ੌਫ ਹੋ ਕੇ ਕੁਝ ਨਵਾਂ ਸਿਰਜ ਸਕੇਗਾ ਅਤੇ ਅਸੀਂ ਦੋ ਇਨਸਾਨਾਂ ਨੂੰ ਮਨ ਮਰਜ਼ੀ ਤੇ ਆਜ਼ਾਦੀ ਨਾਲ ਜਿਉਣ ਦਾ ਹੱਕ ਦੇ ਰਹੇ ਹੋਵਾਂਗੇ।


ਯਾਦ ਰੱਖਣ ਵਾਲੀ ਗੱਲ ਹੈ ਕਿ ਸਮਾਜ ਪਰਿਵਰਤਣ ਤੇ ਵਿਕਾਸ ਦੇ ਜਿਸ ਦੌਰ 'ਚੋਂ ਲੰਘ ਰਿਹਾ ਹੈ,ਉਦੋਂ ਪਿਆਰ ਵਿਆਹ ਜਾਂ ਮਨ ਮਰਜ਼ੀ ਦੇ ਵਿਆਹ ਜਾਂ ਅੰਤਰਜਾਤੀ ਵਿਆਹ ਨੂੰ ਰੋਕਣਾ ਅਸੰਭਵ ਹੈ । ਇਸ ਵਰਤਾਰੇ ਨੇ ਵਾਪਰ ਕੇ ਰਹਿਣਾ ਹੈ । ਇਸ ਨੂੰ ਨਾ ਅਖੌਤੀ ਅਣਖ਼ ਰੋਕ ਸਕਦੀ ਹੈ ਤੇ ਨਾ ਹੀ ਖਾਪ ਪੰਚਾਇਤਾਂ । ਫੈਸਲਾ ਸਾਡੇ ਹੱਥ ਹੈ ਕਿ ਇਸ ਕਤਲੇਆਮ ਨੂੰ ਰੋਕ ਕੇ ਇਨਸਾਨੀਅਤ ਦੇ ਹੱਕ ਖਲੋਣਾ ਹੈ ਜਾਂ ਕਾਤਲਾਂ ਦਾ ਸਾਥ ਦੇ ਕੇ ਇਤਿਹਾਸ ਦੇ ਮੁਜਰਿਮ ਬਣਨਾ ਹੈ।
ਪਰਮਜੀਤ ਸਿੰਘ ਕੱਟੂ , 94631 24131
pkattu@yahoo.in
************************************************************************


ਰਮਨਦੀਪ ਸ਼ਰਮਾ

ਕਿਸ ਦਿਸ਼ਾ ਵੱਲ ਜਾ ਰਿਹਾ ਹੈ ਦੇਸ਼ ?

ਭਾਰਤ ਇਕ ਸ਼ਾਂਤੀ ਪੂਰਨ, ਧਰਮ ਨਿਰਪਖ ਦੇਸ਼ ਸੀ . ਪਰ ਇਸ ਦੇਸ਼ ਵਿਚ ਕੀ ਹੋ ਰਿਹਾ , ਓਹ ਸਾਡੇ ਸਾਰੀਆਂ ਦੇ ਸਾਹਮਣੇ ਹੈ . ਕਈ ਮੁੱਦੇ ਨੇ ਜੋ ਮੈਂ ਤੁਹਾਡੇ ਅਤੇ ਸਾਂਝੀ ਕਲਮ ਨਾਲ ਸਾਂਝੇ ਕਰਨੇ .
ਅੱਜ ਇਸ ਸ਼ਾਂਤੀ ਪਸੰਦ ਦੇਸ਼ ਵਿਚ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ .ਲੁੱਟ ਖਸੁੱਟ ਆਮ ਜਹੀ ਗੱਲ ਹੋ ਗਈ ਹੈ .ਨਸ਼ੇ ਥਾਂ-ਥਾਂ ਤੇ ਆਮ ਹੋ ਗਏ ਨੇ ਹੋਰ ਤਾਂ ਹੋਰ ਅੱਜ ਕਲ ਕੋਈ ਕਤਲ ਕਰਨ ਲਗੀਆਂ ਵੀ ਕਤਰਾਉਂਦਾ ਨਹੀਂ . ਇਹ ਸਭ ਕੁਝ ਕਿਓਂ ਹੋ ਰਿਹਾ ਹੈ . ਇਸ ਮੌਜੂਦਾ ਉਥਲ ਪਥਲ , ਅਨਿਸ਼੍ਚਿਸਤਾ ਅਤੇ ਬੌਖਲਾਹਟ ਲਾਈ ਸਾਰੀਆਂ ਸਰਕਾਰਾਂ ਹੀ ਜੁਮੇਂਵਾਰ ਨੇ . ਇਕ ਆਮ ਇਨਸਾਨ ਦੀ ਵੋਟ ਪਾਉਣ ਸਮੇਂ ਇਹ ਸੋਚ ਹੁੰਦੀ ਹੈ ਕਿ ਆਉਣ ਵਾਲੀ ਸਰਕਾਰ , ਪਹਿਲਾਂ ਵਾਲੀ ਸਰਕਾਰ ਨਾਲੋਂ ਵਧੇਰੇ ਲੋਕਤਾਂਤਰਿਕ ਅਤੇ ਧਰਮ ਨਿਰਪਖ਼  ਹੋਵੇਗੀ . ਪਰ ਹੁੰਦਾ ਇਹ ਹੈ ਜਿਤਣ ਵਾਲੀ ਵਾਲੀ ਸਰਕਾਰ ਪਹਿਲੀ ਸਰਕਾਰ ਨਾਲੋਂ ਵੀ ਜਿਆਦਾ ਰੰਗ ਦਿਖ ਜਾਂਦੀ ਹੈ . ਮੌਜੂਦਾ ਸਰਕਾਰ ਵੀ ਏਹੀ ਕਰ ਰਹਿ ਹੈ . ਪਹਿਲਾਂ ਤਾਂ ਇਸ ਸਰਕਾਰ ਨੇ ਆਉਣ ਵਾਲਿਆਂ ਚੀਜਾਂ ਜਿਵੇਂ : ਸਬਜੀਆਂ , ਗੈਸ ਸਿਲੰਡਰ,ਪੈਟ੍ਰੋਲ ਆਦਿ ਦੇ ਰੇਟ ਵਧਾ ਕੇ ਅੱਤ ਦੀ ਮਹਿੰਗਾਈ ਪੈਦਾ ਕਰਕੇ ਆਮ ਆਦਮੀ ਦੀ ਰੀਡ ਦੀ ਹੱਡੀ ਤੋੜ ਦਿੱਤੀ ਹੈ . ਅੱਜ ਦੇ ਸਮੇਂ ਵਿਚ ਕੰਮ ਕਰਨ ਵਾਲਾ ਇਨਸਾਨ ਦਾਲ ,ਸਬਜੀ ਵੀ ਖਰੀਦਣ ਲੱਗਾ ਕਈ ਵਾਰ ਸੋਚਦਾ ਹੈ . ਮੌਜੂਦਾ ਸਰਕਾਰ ਨੇ ਤਾਂ ਸਾਰੀਆਂ ਹੱਦਾਂ ਹੀ ਪਰ ਕਰ ਦਿਤੀਆਂ . ਮਹਿੰਗਾਈ ਕਰਕੇ ਲੋਕ ਭੂਖੇ ਮਰ ਰਹੇ ਹਾਂ .
ਸਰਕਾਰੀ ਕਰਮਚਾਰੀਆਂ ਨੂੰ ਗੱਫੇ ਤੇ ਪਰਾਈਵੇਟ ਨੂੰ  ਧੱਕੇ : ਜੋ ਵੀ ਸਰਕਾਰ ਆਉਂਦੀ ਹੈ ਓਹ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਵੱਲ ਕਰਨ ਲਈ ਓਹਨਾਂ ਦਾ ਮਹਿੰਗਾਈ ਭੱਤਾ ਵਧਾ ਕੇ ਓਹਨਾਂ ਨੂ ਆਪਣੇ ਵਸ ਵਿਚ ਕਰ ਲੈਂਦੀ ਹੈ . ਜਦੋਂ ਕੇ ਪਰਾਈਵੇਟ ਅਦਾਰਿਆਂ ਵਿਚ ਕੰਮ ਕਰਨ ਵਾਲੇ ਵਿਅਕਤੀ ਦੀ ਤਨਖਾਹ ਉਸ ਰਫਤਾਰ ਨਾਲ ਨਹੀਂ ਵਧਦੀ . ਇਸ ਲਈ ਓਹਨਾਂ ਨੂ ਆਪਣੀ ਜਿੰਦਗੀ ਬਤੀਤ ਕਰਨ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣ ਕਰਨਾ ਪੈਂਦਾ ਹੈ . ਸਰਕਾਰ ਨੂੰ ਚਾਹੀਦਾ ਹੈ ਕਿ ਪਰਾਈਵੇਟ ਮੁਲਾਜਮਾਂ ਦੀ ਉਜਰਤ (ਤਨਖਾਹ) ਵੱਲ ਵੀ ਧਿਆਨ ਦਵੇ ਅਤੇ ਓਹਨਾ ਲਈ ਨਵੀਂ ਤਨਖਾਹ ਦਰ ਜਾਰੀ ਕਰੇ .
ਬੇਰੁਜਗਾਰੀ: ਇਸ ਬਾਰੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਯੋਜਨਾ ਬੰਦ ਤਰੀਕੇ ਨਾਲ ਵੱਧ ਤੋਂ ਵੱਧ ਪ੍ਰੋਜੇਕ੍ਟ ਲਗਾਏ ਜਾਣ ਤਾਂ ਕਿ ਬੇਰੁਜਗਾਰੀ ਤੇ ਲਗਾਮ ਪਾਈ ਜਾਵੇ .
ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ : ਸਾਡੇ ਮੁਲਕ ਵਿਚ ਲੁੱਟ-ਖਸੁੱਟ, ਕਤਲੇਆਮ ਕਿਓਂ ਹੋ ਰਹੇ ਹਨ  ? ਕਿਓਂ ਕਿ ਦੋਸ਼ੀਆਂ ਨੂੰ ਸਜਾ ਨਹੀਂ ਮਿਲਦੀ . ਦੋਸ਼ੀ ਸਰਕਾਰੀ ਕਾਨੂੰਨਾਂ ਤੋਂ ਨਹੀ ਡਰਦੇ ਕਿਓਂ ਕਿ ਓਹਨਾਂ ਨੂੰ ਪਤਾ ਹੈ ਕਿ ਸਾਡੇ ਮੁਲਕ ਵਿਚ ਕਾਨੂੰਨ ਤਾਂ ਬਣੇ ਨੇ ਪਰ ਲਾਗੂ ਨਹੀਂ ਹੁੰਦੇ , ਅੱਜ ਤਕ ਹੋਏ ਵੀ ਨਹੀਂ . ਜਿਵੇਂ ਕਿ ਮੰਬਈ
ਮੁੰਬਈ ਹਮਲੇ ਦੇ ਦੋਸ਼ੀ ਕਸਾਬ ਨਾਲ ਹੋ ਰਿਹਾ ਹੈ . ਮੁਕਦੀ ਗੱਲ ਏਹੀ ਹੈ ਕੇ ਸਜਾਵਾਂ ਅਜਿਹੀਆਂ ਹੋਣ ਕਿ ਦੋਸ਼ੀ ਦੋਸ਼ ਕਰਨ ਤੋ ਪਹਿਲਾਂ ਹਜਾਰ ਵਾਰ ਸੋਚੇ .
ਕਹਿਣ ਨੂੰ ਤਾਂ ਭਾਰਤ ਇਕ ਲੋਕਤੰਤਰੀ ਰਾਜ ਹੈ ਪਰ ਮੌਜੂਦਾ ਸਰਕਾਰ ਵਿਚ ਵਿਚ ਲੋਕਤੰਤਰ ਨਾਂ ਦੀ ਕੋਈ ਚੀਜ ਨਹੀਂ . ਅੱਜਕਲ ਸਰਕਾਰ ਵਲੋਂ ਹਰ ਤਰਹ ਦੇ ਅੰਦੋਲਨ ਨੂੰ ਦਵਾਇਆ ਜਾ ਰਿਹਾ ਹੈ ਭਾਵੇਂ  ਓਹ ਸਵਾਮੀ ਰਾਮਦੇਵ ਦਾ ਸਤਿਆ-ਗ੍ਰਹਿ ਹੋਵੇ ਜਾਂ ਬੇਰੁਜਗਾਰ ਅਧਿਆਪਕਾਂ ਵੱਲੋਂ ਉਠਾਈ ਅਵਾਜ਼ .
ਅੰਤ ਵਿਚ ਮੈਂ ਮੌਜੂਦਾ ਸਰਕਾਰ ਨੂ ਬੇਨਤੀ ਕਰਦਾਂ ਹਾਂ ਕਿ ਭਾਰਤ ਦੇ ਵਿਕਾਸ ਵੱਲ ਧਿਆਨ ਦੇਵੋ ਤਾਂ ਕਿ ਅਸੀਂ ਭਾਰਤ ਦੇ ਵਾਸੀ ਆਪਣੀ ਸਰਕਾਰ ਤੇ ਮਾਣ ਕਰ ਸਕੀਏ .

ਰਮਨਦੀਪ ਸ਼ਰਮਾਂ
089682-62547
************************************************************************
  
ਗ਼ਰੀਬੀ ਦਾ ਭਿਆਨਕ ਰੂਪ

ਅਰੁਨ ਬਾਂਸਲ
ਦੁਨੀਆ ਵਿੱਚ ਗ਼ਰੀਬੀ ਦੇ ਭਿਆਨਕ ਰੂਪ ਦਾ ਅੰਦਾਜ਼ਾ ਲਾਉਣਾ ਆਮ ਇਨਸਾਨ ਲਈ ਸੌਖਾ ਨਹੀਂ ਹੈਆਪਣੇ-ਆਪਣੇ ਦੇਸ਼ ਦੀ ਕਹਾਣੀ ਹੈ; ਸੂਬੇ-ਸੂਬੇ ਦੀ ਕਹਾਣੀ ਹੈ; ਸ਼ਹਿਰ-ਸ਼ਹਿਰ ਦੀ ਹੈ; ਪਿੰਡ-ਪਿੰਡ ਦੀ ਹੈ; ਪਰਵਾਰ-ਪਰਵਾਰ ਦੀ ਹੈ; ਅਸਲ ਵਿੱਚ ਦੁਨੀਆ ਦਾ ਅੱਤ-ਗੰਭੀਰ ਮਸਲਾ ਹੈਆਮ ਆਦਮੀ ਸਮਝ ਨਹੀਂ ਸਕਦਾ ਕਿ ਦੁਨੀਆ ਵਿੱਚ ਗ਼ਰੀਬੀ ਦੀ ਭਿਆਨਕਤਾ ਕਿਸ ਹੱਦ ਤੱਕ ਵੱਧ ਚੁੱਕੀ ਹੈਇਸ ਸਬੰਧੀ ਅੰਕੜੇ ਸਾਹਮਣੇ ਹੋਣੇ ਚਾਹੀਦੇ ਹਨਇਨ੍ਹਾਂ ਅੰਕੜਿਆਂ ਨੂੰ ਸਮਝਣਾ ਵੀ ਜ਼ਰੂਰੀ ਹੈਇਸ ਉਪਰੰਤ ਹੀ ਸਾਰਾ ਚਾਨਣ ਹੋ ਸਕਦਾ ਹੈਸਧਾਰਨ ਸੂਝ ਵਾਲੇ ਵਿਚਾਰੇ ਗ਼ਰੀਬ ਲੋਕ ਇਹ ਸਮਝ ਕੇ ਚੁੱਪ ਕਰ ਜਾਂਦੇ ਹਨ ਕਿ ਉਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੀ ਇਸ ਤਰ੍ਹਾਂ ਹੈ; ਸ਼ਾਇਦ ਪਰਮਾਤਮਾ ਦੀ ਕਰੋਪੀ ਹੈ ਜਾਂ ਆਪਣੇ ਕਰਮਾਂ ਦਾ ਫੱਲ ਹੈਅਸਲੀਅਤ ਕੀ ਹੈ? ਇਸ ਦੀ ਗੰਢ ਖੋਲ੍ਹਣੀ ਜ਼ਰੂਰੀ ਹੈ
3 ਫ਼ਰਵਰੀ 2005 ਨੂੰ ਲੰਡਨ ਦੇ ਟਰੈਫ਼ਲਗਰ ਸਕੁਇਰ ਵਿੱਚ ਇੱਕ ਰੈਲੀ ਦਾ ਆਯੋਜਨ ਹੋਇਆਇਸ ਰੈਲੀ ਨੂੰ ਸੰਬੋਧਨ ਕਰਦਿਆਂ ਦੱਖਣੀ ਅਫ਼ਰੀਕਾ ਦੇ 86 ਸਾਲਾ ਨੋਬੇਲ ਪੀਸ ਪਰਾਈਜ਼ ਵਿਜੇਤਾ, ਪੂਰਬ-ਪ੍ਰਧਾਨ, ਨੈਲਸਨ ਮੰਡੇਲਾ ਨੇ ਅਮੀਰ ਦੇਸ਼ਾਂ ਤੋਂ ਮੰਗ ਕੀਤੀ ਕਿ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਗ਼ਰੀਬੀ ਦੀ ਗ਼ੁਲਾਮੀ ਤੋਂ ਛੁਟਕਾਰਾ ਦੁਆਇਆ ਜਾਏਮੰਡੇਲਾ ਨੇ ਕਿਹਾ, “ ਗ਼ਰੀਬੀ ਮਨੁੱਖੀ ਦੇਣ ਹੈ ਅਤੇ ਮਨੁੱਖ ਹੀ ਇਸ ਨੂੰ ਖ਼ਤਮ ਕਰ ਸਕਦਾ ਹੈਗ਼ਰੀਬੀ ਦੂਰ ਕਰਨਾ ਕੋਈ ਅਹਿਸਾਨ ਨਹੀਂ ਹੈ; ਕੋਈ ਦਾਨ ਨਹੀਂ ਹੈਇਹ ਇਨਸਾਫ਼ ਦਾ ਤਕਾਜ਼ਾ ਹੈਗ਼ਰੀਬੀ ਇਤਿਹਾਸ ਬਣ ਕੇ ਰਹਿ ਜਾਣੀ ਚਾਹੀਦੀ ਹੈਗ਼ਰੀਬ ਦੇਸ਼ਾਂ ਨੂੰ ਸਹਾਇਤ ਵਧਾਉਣੀ ਚਾਹੀਦੀ ਹੈਆਪਸੀ ਵਪਾਰ ਵਿੱਚ ਇਨਸਾਫ਼ ਹੋਣਾ ਚਾਹੀਦਾ ਹੈਗ਼ਰੀਬ ਦੇਸ਼ਾਂ ਨੂੰ ਕਰਜ਼ਿਆਂ ਵਿੱਚ ਰਾਹਤ ਮਿਲਣੀ ਚਾਹੀਦੀ ਹੈ
ਅਜੋਕੇ ਸੰਸਾਰ ਵਿੱਚ ਗ਼ਰੀਬੀ ਬਹੁਤ ਵੱਡੀ ਫ਼ਿਕਰਮੰਦੀ ਦਾ ਸਵਾਲ ਬਣ ਗਈ ਹੈ
ਗ਼ਰੀਬੀ ਕੀ ਹੈ? ਗ਼ਰੀਬੀ ਕੁੱਲੀ, ਗੁੱਲੀ ਅਤੇ ਜੁੱਲੀ ਦਾ ਸਵਾਲ ਹੈਸਿਰ ਢਕਣ ਲਈ ਮਕਾਨ, ਪੇਟ ਭਰਨ ਲਈ ਰੋਟੀ ਅਤੇ ਤਨ ਢਕਣ ਲਈ ਕੱਪੜਾ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨਮਨੁੱਖ ਕੋਲ ਇਨ੍ਹਾਂ ਦਾ ਨਾ ਹੋਣਾ ਉਸ ਦੀ ਗ਼ਰੀਬੀ ਹੈ
ਅਰਥ-ਸ਼ਾਸਤਰੀ ਗ਼ਰੀਬੀ ਦੀ ਵਿਆਖਿਆ ਕਰਦੇ ਕਹਿੰਦੇ ਹਨ: ਗ਼ਰੀਬੀ ਭੁੱਖ ਹੈ; ਤਨ ਢਕਣ ਲਈ ਕੱਪੜੇ ਦੀ ਅਣਹੋਂਦ ਗ਼ਰੀਬੀ ਹੈ; ਬੇ-ਘਰਾ ਹੋਣਾ ਗ਼ਰੀਬੀ ਹੈ; ਬੀਮਾਰੀ ਦਾ ਡਾਕਟਰੀ ਖ਼ਰਚਾ ਨਾ ਦੇ ਸਕਣਾ ਗ਼ਰੀਬੀ ਹੈ; ਸਕੂਲ ਦੀ ਪੜ੍ਹਾਈ ਲਈ ਖ਼ਰਚਾ ਦੇਣ ਤੋਂ ਅਸਮਰੱਥ ਹੋਣਾ ਗ਼ਰੀਬੀ ਹੈ; ਰੋਜ਼ੀ ਦਾ ਸਾਧਨ ਨਾ ਹੋਣਾ ਗ਼ਰੀਬੀ ਹੈਸ਼ਕਤੀਹੀਣ ਹੋਣਾ; ਸਮਾਜ ਵਿੱਚ ਬਿਨਾਂ ਨੁਮਾਇੰਦਗੀ ਰਹਿਣਾ; ਸਭ ਗ਼ਰੀਬੀ ਦੀ ਤਸਵੀਰ ਹਨ
ਅੱਤ ਦੀ ਗ਼ਰੀਬੀ ਵਿਕਾਸਸ਼ੀਲ-ਦੇਸ਼ਾਂ ਵਿੱਚ ਹੈਇਨ੍ਹਾਂ ਦੇਸ਼ਾਂ ਦੀ ਆਬਾਦੀ ਦੁਨੀਆ ਦੀ ਆਬਾਦੀ ਦਾ 4/5 ਭਾਗ ਹੈਦੁਨੀਆ ਵਿੱਚ ਬੱਚਿਆਂ ਦੀ ਕੁਲ ਆਬਾਦੀ ਦਾ ਅੱਧਾ ਹਿੱਸਾ ਭੁੱਖ, ਨੰਗ ਅਤੇ ਬੀਮਾਰੀ ਦਾ ਸ਼ਿਕਾਰ ਹੈ
ਹਰੇਕ ਸਕਿੰਟ ਵਿੱਚ ਇੱਕ ਗ਼ਰੀਬ ਦੀ ਮੌਤ ਹੋ ਜਾਂਦੀ ਹੈਇੱਕ ਵਾਰ ਗ਼ਰੀਬੀ ਵਿੱਚ ਫਸਿਆ ਵਿਅਕਤੀ ਗ਼ਰੀਬੀ ਦੇ ਘਣਚੱਕਰ ਵਿੱਚੋਂ ਨਿਕਲ ਨਹੀਂ ਸਕਦਾਹੌਲੀ ਹੌਲੀ ਉਸ ਦਾ ਸਾਰਾ ਪਰਵਾਰ ਖ਼ਤਮ ਹੋ ਜਾਂਦਾ ਹੈਸਮੇਂ ਦੀ ਚਾਲ ਨਾਲ ਪਰਵਾਰਾਂ ਦੇ ਪਰਵਾਰ ਅਤੇ ਨਸਲਾਂ ਦੀਆਂ ਨਸਲਾਂ ਖ਼ਤਮ ਹੋ ਜਾਂਦੀਆਂ ਹਨ
ਸਾਰੀ ਦੁਨੀਆ ਵਿੱਚ ਹਰ ਸਾਲ 110 ਲੱਖ ਬੱਚੇ ਗ਼ਰੀਬੀ ਅਤੇ ਕਰਜ਼ੇ ਕਾਰਨ ਮਰ ਜਾਂਦੇ ਹਨਇਹ ਖ਼ਾਸ ਤੱਥ 5 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਹਨਇਸ ਉਮਰ ਤੋਂ ਵੱਧ 6/7 ਸਾਲ ਦੇ ਬੱਚਿਆਂ ਨਾਲ ਕੀ ਬੀਤਦੀ ਹੈ? ਅੰਦਾਜ਼ਾ ਆਪ ਲਾ ਲਵੋਜੇ ਬੱਚੇ ਨਹੀਂ ਹੋਣਗੇ, ਜਵਾਨੀ ਕਿੱਥੋਂ ਲੱਭੋਗੇ? ਜਵਾਨੀ ਤੋਂ ਬਿਨਾਂ ਦੇਸ਼ ਦਾ ਵਿਕਾਸ ਦੂਰ ਦੀ ਕਹਾਣੀ ਹੈ
ਵਰਲਡ ਵਿਜ਼ਨ 40-ਆਵਰ ਫ਼ੈਮਿਨਅਨੁਸਾਰ ਅਮੀਰ ਦੇਸ਼ਾਂ ਵਿੱਚੋਂ ਇੱਕ ਉਦਾਹਰਨ ਹੈਆਸਟਰੇਲੀਆ ਵਿੱਚ 40 ਘੰਟੇ ਵਿੱਚ 31.5 ਲੱਖ ਡਾਲਰ ਦੀ ਆਈਸ-ਕਰੀਮ ਖਾਧੀ ਜਾਂਦੀ ਹੈਇਹ ਧਨ 250,000 ਭੁੱਖੇ ਬੱਚਿਆਂ ਨੂੰ ਮਹੀਨਾ ਭਰ ਖਾਣਾ ਦੇਣ ਲਈ ਕਾਫ਼ੀ ਹੈ
ਦ ਗਾਰਡੀਅਨ6 ਜੁਲਾਈ 2005 ਦੇ ਅੰਕੜੇ ਦੱਸਦੇ ਹਨ ਕਿ ਪੱਛਮੀ ਦੇਸ਼ ਜਿੰਨੀ ਮਦਦ ਵਿਦੇਸ਼ਾਂ ਨੂੰ ਦਿੰਦੇ ਹਨ ਉਸ ਨਾਲੋਂ 25 ਗੁਣਾ ਜ਼ਿਆਦਾ ਆਪਣੇ ਦੇਸ਼ ਦੇ ਡਫ਼ੈਂਸ ਤੇ ਖ਼ਰਚ ਕਰਦੇ ਹਨਗ਼ਰੀਬ ਦੇਸ਼ਾਂ ਦੀ ਮਦਦ ਵਾਸਤੇ ਧਨ ਦੀ ਕਮੀ ਨਹੀਂ ਹੈ
ਕੀ ਗ਼ਰੀਬ ਦੇਸ਼ ਕਰਜ਼ੇ ਮੋੜ ਸਕਦੇ ਹਨ? ਇਹ ਦੂਰ ਦੀ ਗੱਲ ਹੈਜੀ8 ਦੇ ਦੇਸ਼ਾਂ ਨੂੰ ਇਸ ਸਮੱਸਿਆਂ ਦਾ ਹੱਲ ਕਢਣਾ ਪੈਣਾ ਹੈਸੰਸਾਰ ਗ਼ਰੀਬੀ ਦੂਰ ਕਰਨਾ - ਡੋਰ ਅਮੀਰ ਦੇਸ਼ਾਂ ਦੇ ਹੱਥ ਵਿੱਚ ਹੈ

ਅਰੁਣ ਬਾਂਸਲ - (ਵਿਕਿਪੀਡਿਆ ਤੋਂ)
 ************************************************************************
ਸ਼ਰਧਾਂਜਲੀ (ਨਾਟਕਕਾਰ- ਪ੍ਰੋ: ਸਰਬਜੀਤ ਔਲਖ )
ਅੱਜ ਜਦੋਂ ਮੈਂ ਆਪਣੇ ਇਕ ਮਿੱਤਰ ਤੋ ਫੋਨ ਤੇ ਇਹ ਸੁਣਿਆਕੇ ਸਰਬਜੀਤ ਔਲਖ ਜੀ ਦੁਰਘਟਨਾ ਦਾ ਸਿਕਾਰ ਹੋ ਗਏ ਨੇ ਤਾਂ ਮੇਰੇ ਪੈਰਾਂ ਥਲੋਂ ਜਮੀਨ ਖਿਸਕ ਗਈ.
ਰੰਗਮੰਚ ਦੇ ਰਾਹਾਂ ਤੇ ਚਲਨਾ ਮੈਂ ਉਨ੍ਹਾਂ ਦੀ ਉਂਗਲ ਫੜ੍ਹ ਕੇ ਹੀ ਸਿਖਿਆ ਸੀ. ਸੁਭਾਵਿਕ ਸੀ ਅਜਿਹੀ ਖਬਰ ਸੁਨ ਕੇ ਸੁੰਨ ਹੋ ਕੇ ਰਹਿ ਜਾਣਾ. ਮੈਥੋ ਕੰਬਦੀ ਆਵਾਜ਼ ਵਿਚ ਮਸਾਂ ਪੁਛਿਆ ਗਿਆ ਕੇ ਕਿਵੇ ਹੋਇਆ? ਤਾਂ ਉਸਨੇ ਦਸਿਆ ਕੇ ਸੰਗਰੂਰ ਤੋ ਇਕ ਕਾਲਜ ਵਿਚ ਪੇਪਰ ਵਿਚ ਡਿਊਟੀ ਦੇਣ ਤੋ ਬਾਦ ਔਲਖ ਜੀ ਬਰਨਾਲਾ ਪਰਤ ਰਹੇ ਸਨ ਤੇ ਇਕ ਕਾਰ ਨੇ ਓਹਨਾ ਨੂੰ ਟੱਕਰ ਮਾਰ ਦਿਤੀ.

ਕਾਲਜ ਸਮੇ ਤੋ ਹੀ ਮੇਰਾ ਓਹਨਾ ਨਾਲ ਕਾਫੀ ਪ੍ਰੇਮ ਸੀ. ਮੈਂ ਜਦ ਵੀ ਕੋਈ ਕਵਿਤਾ, ਗੀਤ ਜਾਂ ਕੋਈ ਨਾਟਕ ਲਿਖਦਾ ਤਾਂ ਸਭ ਤੋ ਪਹਿਲਾਂ ਉਨ੍ਹਾਂ ਨੂੰ ਦਿਖਾਉਂਦਾ. ਉਨ੍ਹਾਂ ਨੂੰ ਮੈਥੋਂ ਵਧ ਖੁਸ਼ੀ ਹੁੰਦੀ ਤੇ ਪਿਠ ਥਾਪੜ ਕੇ ਕਹਿੰਦੇ ਕਿ ਪੁੱਤਰਾ ਜਿੱਥੇ ਕਿਤੇ ਕੋਰਾ ਕਾਗਜ ਮਿਲੇ ਲਿਖ-ਲਿਖ ਭਰ ਦਿਓ. ਉਹ ਸੁਭਾ ਦੇ ਬੜੇ ਮਜਾਕੀਆ ਸਨ. ਇਕ ਵਾਰ ਉਹ ਆਪਣੇ ਕਿਸੇ ਮਿੱਤਰ ਨਾਲ ਸਨ ਜਦੋਂ ਅਸੀਂ ਔਲਖ ਜੀ ਨੂੰ ਮਿਲਨ ਗਏ. ਉਹ ਖੁਸ਼ ਹੋ ਕੇ ਆਪਣੇ ਮਿੱਤਰ ਨੂੰ ਕਹਿੰਦੇ, ਇਹ ਆਪਣੇ ਹੀ ਕੀੜੇ ਨੇ. ਉਨ੍ਹਾਂ ਦਾ ਦੋਸਤ ਮੁਸਕਰਾਉਣ ਲਗ ਪਿਆ. ਔਲਖ ਸਾਹਬ ਕਹਿੰਦੇ ਨਹੀ ਸਮਝਿਆ ? ਕਹਿੰਦੇ ਮੈਂ ਇਹਨਾ ਅੰਦਰ ਪਲਾਸਟਿਕ ਦੇ ਇਹੋ ਜਿਹੇ ਕੀੜੇ ਛੱਡੇ ਨੇ, ਜਿਹੜੇ  ਸਾਰੀ ਉਮਰ ਨਹੀ ਗਲਦੇ. (ਉਹ ਰੰਗਮੰਚ ਦੇ ਰੰਗ ਸਾਡੇ ਹੱਡਾਂ ਵਿਚ ਰਚ ਜਾਣ ਦੀ ਗਲ ਕਰ ਰਹੇ ਸਨ.)
ਪਿੰਡ  ਠੀਕਰੀਵਾਲਾ ਵਿਖੇ ਸਰਦਾਰ ਭਰਪੂਰ ਸਿੰਘ ਦੇ ਘਰ ਨਵੰਬਰ ੧੯੬੪ ਵਿਚ ਜਨਮੇ ਪ੍ਰੋ. ਔਲਖ ਜੀ ਦਾ ਬਚਪਨ ਤੋਂ ਹੀ ਸਾਹਿਤ ਵੱਲ ਰੁਝਾਨ ਸੀ. ਆਪਣੇ ਪਿਤਾ ਨਾਲ ਖੇਤ ਜਾਂਦੇ ਸਮੇਂ ਵੀ ਉਹ ਸਾਹਿਤ ਦੀਆਂ ਕਿਤਾਬਾਂ ਨਾਲ ਲੈ ਕੇ ਜਾਇਆ ਕਰਦੇ ਸਨ ਤੇ ਉੱਥੇ ਬੈਠ ਕੇ ਪੜਿਆ ਕਰਦੇ ਸਨ . ਨਾਟਕ ਦੀ ਚੇਟਕ ਤਾਂ ਉਨ੍ਹਾਂ ਨੂੰ ਬਹੁਤ ਨਿੱਕੇ ਹੁੰਦੇ ਤੋਂ ਹੀ ਲੱਗ ਗਈ ਸੀ. ਨੌਵੀਂ ਕਲਾਸ ਪੜ੍ਹਦਿਆਂ ਉਨ੍ਹਾਂ ਇਕ ਨਿੱਕਾ ਜਿਹਾ ਨਾਟਕ 'ਦੁਖੀ-ਸੁਖੀ' ਲਿਖਿਆ, ਜੋ ਭਾਵੇਂ ਖੇਡਿਆ ਤਾਂ ਨਾ ਜਾ ਸਕਿਆ ਪਰ ਅਧਿਆਪਕਾਂ ਨੇ ਉਸਦੀ ਚੰਗੀ ਪ੍ਰਸ਼ੰਸਾ ਕੀਤੀ. ਉਨ੍ਹਾਂ ਦੇ ਇਸ ਸ਼ੌਕ ਵਿਚ ਉਨ੍ਹਾਂ ਨੂੰ ਸਦਾ ਪੂਰੇ ਪਰਿਵਾਰ ਦਾ ਸਹਿਯੋਗ ਮਿਲਿਆ. ਉਨ੍ਹਾਂ ਦਾ ਪੁੱਤਰ ਉਨ੍ਹਾਂ ਨਾਲ ਕਈ ਪੇਸ਼ਕਾਰੀਆਂ ਵਿਚ ਕੰਮ ਕਰ ਚੁੱਕਾ ਹੈ. ਆਪਣੀ ਮਿਹਨਤ ਸਦਕਾ ਔਲਖ ਜੀ ਨੇ ਜਿੰਦਗੀ ਦੇ ਹਰ ਖੇਤਰ ਵਿਚ ਚੰਗਾ ਮੁਕਾਮ ਹਾਸਿਲ ਕਰ ਲਿਆ ਸੀ. ਐਮ. ਏ. ਪੰਜਾਬੀ ਅਤੇ ਫਿਰ ਐਮ. ਏ. ਸਮਾਜ ਵਿਗਿਆਨ ਵਿਚ ਕਰਕੇ ਉਨ੍ਹਾਂ ਐਮ. ਐਡ. ਅਤੇ ਯੂ. ਜੀ. ਸੀ. ਦਾ ਟੈਸਟ ਪਾਸ ਕਰਕੇ ਐਸ. ਡੀ. ਕਾਲਜ ਬਰਨਾਲਾ ਵਿਖੇ ਨੌਕਰੀ ਹਾਸਿਲ ਕੀਤੀ ਅਤੇ ਅੱਜ ਵੀ ਉੱਥੇ ਹੀ ਨੌਕਰੀ ਕਰ ਰਹੇ ਸਨ. ਕਾਲਜ ਅੰਦਰ ਉਨ੍ਹਾਂ ਦੀ ਇਮੇਜ ਸਾਹਿਤ ਦੇ ਗੰਭੀਰ ਅਧਿਆਪਕ ਅਤੇ ਮਿਲਣਸਾਰ ਇਨਸਾਨ ਦੀ ਸੀ.
ਆਪਣੇ ਰੰਗਮੰਚੀ ਸਫ਼ਰ ਵਿਚ ਪ੍ਰੋ. ਸਰਬਜੀਤ ਨੇ ਪੰਦਰਾਂ ਦੇ ਕਰੀਬ ਨਾਟਕ ਲਿਖੇ. ਨਾਟਕਾਂ ਤੋਂ ਇਲਾਵਾ ਉਨ੍ਹਾਂ ਕੁਝ ਕਵਿਤਾਵਾਂ ਵੀ ਰਚੀਆਂ, ਜਿਨ੍ਹਾਂ ਵਿਚੋਂ "ਐ ਮੇਰੇ ਕਲਗੀਆਂ ਵਾਲੇ ਪਾਤਸ਼ਾਹ, ਮੈਂ ਤੇਰਾ ਸਿੱਖ ਨਹੀਂ, ਭਾਵੇਂ ਮੈਂ ਤੇਰੇ ਸਿਰਜੇ ਵੰਸ਼ ਵਿਚੋਂ ਹਾਂ", ਹਿਰਦੇ ਨੂੰ ਝੰਜੋੜ ਦੇਣ ਵਾਲੀ ਰਚਨਾ ਹੈ.
ਪ੍ਰੋ. ਸਰਬਜੀਤ ਔਲਖ ਦੇ ਨਾਟਕਾਂ ਦਿਆਂ ਪੇਸ਼ਕਾਰੀਆਂ ਸਿਰਫ਼ ਭਾਰਤ ਵਿਚ ਹੀ ਨਹੀਂ, ਦੁਨੀਆਂ ਦੇ ਹੋਰ ਵੀ ਕਈ ਮੁਲਕਾਂ ਵਿਚ ਹੋਈਆਂ. ਉਨ੍ਹਾਂ ਦੇ ਨਾਟਕ 'ਸਰਦਲ ਦੇ ਆਰ-ਪਾਰ' ਅਤੇ 'ਪੱਤਣਾਂ 'ਤੇ ਰੋਣ ਖੜੀਆਂ' ਕੈਲੋਫੋਰਨੀਆ ਵਿਚ ਵੱਡੀ ਸਫ਼ਲਤਾ ਨਾਲ ਪ੍ਰਸਤੁਤ ਹੋਏ. 'ਸੱਤੀ ਵੀਹੀਂ ਸੌ' (ਨਾਟਕ-ਸੰਗ੍ਰਿਹ) ਅਤੇ 'ਨਦੀਆਂ ਦੇ ਸਿਰਨਾਵੇਂ' (ਕਾਵਿ-ਸੰਗ੍ਰਿਹ) ਉਨ੍ਹਾਂ ਦੀਆਂ ਦੋ ਚਰਚਿਤ ਪੁਸਤਕਾਂ ਹਨ.
ਉਨ੍ਹਾਂ ਦੀ ਲੇਖਣੀ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਉਨ੍ਹਾਂ ਧੱਕੇ ਨਾਲ ਕਦੇ ਰਚਨਾ ਨਹੀਂ ਸੀ ਕੀਤੀ. ਉਹ ਉਦੋਂ ਲਿਖਦੇ ਸਨ, ਜਦੋਂ  ਕੋਈ ਖਿਆਲ ਉਨ੍ਹਾਂ ਅੰਦਰ ਖੌਰੂ ਪਾਉਣ ਲੱਗ ਜਾਂਦਾ ਸੀ. ਅਨੇਕ ਸੰਸਥਾਵਾਂ ਨੇ ਉਨ੍ਹਾਂ ਨੂੰ ਮਾਣ-ਸਨਮਾਨ ਨਾਲ ਨਿਵਾਜਿਆ. ਪਰ ਉਹ ਇਨ੍ਹਾਂ ਰਸਮਾਂ ਤੋਂ ਬਹੁਤ ਦੂਰ ਸਨ. ਉਨ੍ਹਾਂ ਦਾ ਕਹਿਣਾ ਸੀ, ਇਕ ਲੇਖਕ ਜਾਂ ਕਲਾਕਾਰ ਦਾ ਸਨਮਾਨ ਉਦੋਂ ਹੀ ਹੋ ਜਾਂਦਾ ਹੈ, ਜਦੋਂ ਕੋਈ ਸਰੋਤਾ ਜਾਂ ਦਰਸ਼ਕ ਪੇਸ਼ਕਾਰੀ ਬਾਅਦ ਆ ਕੇ ਕਹਿੰਦਾ ਹੈ, ''ਭਾ'ਜੀ ਨਾਟਕ ਵੇਖ ਕੇ ਸੁਆਦ ਆ ਗਿਆ''. ਜਦੋਂ ਕੋਈ ਸਨਮਾਨ ਦਿਖਾਵੇ ਦੇ ਤੌਰ 'ਤੇ ਦਿੱਤਾ ਜਾਵੇ, ਉਸਦਾ ਕੋਈ ਮੁੱਲ ਨਹੀਂ ਹੁੰਦਾ.
ਨਾਟਕਕਲਾ ਉਨ੍ਹਾਂ ਦੀ ਜਿੰਦਜਾਨ ਸੀ. ਨਾਟਕ ਦੀ ਪੇਸ਼ਕਾਰੀ ਭਾਵੇਂ ਕਿੰਨੀ ਵਧੀਆ ਕਿਓਂ ਨਾ ਹੋਣੀ, ਉਨ੍ਹਾਂ ਕਹਿਣਾ, ਇਸ ਤੋਂ ਵਧੀਆ ਨਾਟਕ ਖੇਡਣਾ ਤਾਂ ਹਾਲੇ ਬਾਕੀ ਹੈ. ਹੁਣ ਅਜਿਹਾ ਕੋਈ ਨਹੀਂ ਕਹੇਗਾ. ਪਰ ਸਾਨੂੰ, ਉਨ੍ਹਾਂ ਦੇ ਸ਼ਾਗਿਰਦਾਂ ਨੂੰ ਪਤਾ ਹੈ, ਉਨ੍ਹਾਂ ਕਿੰਨੇ ਵਧੀਆ ਨਾਟਕ ਰਚੇ ਅਤੇ ਪੇਸ਼ ਕੀਤੇ. ਸਦਾ ਉਨ੍ਹਾਂ ਲਈ ਸਦੀਵੀ ਸਜਦਾ ਹੈ.


- ਪਰਵਾਜ਼ ਪਰਿਵਾਰ
******************************************************************
 ਜਿੰਦਗੀ ਦੀ ਫ਼ਰਦ ਬਦਰ
ਫ਼ਰਦ ਬਦਰ ਸ਼ਬਦ ਦੀ ਮਾਲ ਰਿਕਾਰਡ ਵਿਚ ਬਹੁਤ ਅਹਿਮੀਅਤ ਹੈ . ਫ਼ਰਦ ਬਦਰ ਕਿਸੇ ਰਜਿਸਟਰ ਜਾਂ ਕਿਤਾਬ ਦਾ ਨਾਮ ਨਹੀਂ (ਜਿਵੇਂ: ਜਮਾਂਬੰਦੀ , ਇੰਤਕਾਲ, ਗਿਰਦਾਵਰੀ , ਰੋਜਨਾਮਚਾ ਆਦਿ ਹੁੰਦੇ ਹਨ ) ਬਲਕਿ ਰਿਕਾਰਡ ਵਿਚ ਹੋਈ ਕਿਸੇ ਗਲਤੀ ਨੂੰ ਠੀਕ ਕਰਨ ਦੇ ਤਰੀਕੇ ਦਾ ਨਾਮ ਫ਼ਰਦ ਬਦਰ ਹੈ , ਇਸਦਾ ਇੰਦਰਾਜ਼ ਜਮਾਂਬੰਦੀ ਦੇ ਪਿਛੇ ਛੱਡੇ ਖਾਲੀ ਵਰਕਿਆਂ ਤੇ ਹੁੰਦਾ ਹੈ . ਜੇਕਰ ਰਿਕਾਰਡ ਵਿਚ ਕੋਈ ਗਲਤੀ ਪਟਵਾਰੀ ਦੇ ਧਿਆਨ ਵਿਚ ਆ ਜਾਵੇ ਤਾਂ ਆਮ ਤੌਰ ਤੇ ਪਟਵਾਰੀ ਉਸਦੀ ਫ਼ਰਦ ਬਦਰ ਲਿਖਕੇ ਤਹਿਸੀਲਦਾਰ ਤੋਂ ਠੀਕ ਕਰਵਾ ਲੈਂਦੇ ਹਨ ਪ੍ਰੰਤੂ ਪੰਜੇ ਉਂਗਲਾਂ ਇਕੋ ਬਰਾਵਾਰ ਨਹੀ ਹੁੰਦੀਆਂ ਜਾਂ ਬਾਗ ਵਿੱਚ ਕੀਤੇ ਫੁੱਲ ,ਕਿਤੇ ਕੰਢੇ , ਕਿਤੇ ਝਾੜੀਆਂ ਵੀ ਹੁੰਦੀਆਂ ਹਨ . ਉਸੇ ਤਰ੍ਹਾਂ ਕਈ ਸਾਹਬ ਬਹਾਦਰ ਪਹਿਲਾਂ ਫਰਦ ਬਦਰ ਦੀ ਨੀਂਹ ਰਖਦੇ ਹਨ , ਛੱਤ ਪਾਉਂਦੇ ਐ ਤੇ ਫੇਰ ਮੁਕੰਮਲ ਕਰਦੇ ਐ .
ਇਕ ਬਾਈ ਮੈਨੂੰ ਮਿਲਿਆ , ਮੈਂ ਕਿਹਾ ਕਿਧਰ ਚਲਿਆਂ ? ਕਹਿੰਦਾ ਫਰਦ ਬਦਰ ਬਣਾਉਣੀ ਹੈ , ਮੈਂ ਬਜਾਰੋਂ ਸਮਾਨ ਲੈ ਕੇ ਆਉਣੈ . ਕਈ ਆਦਮੀ ਕਹਿੰਦੇ ਐ ਕਿ ਮੇਰਾ ਰਿਕਾਰਡ ਜਾਨ ਬੁਝ ਕੇ ਗਲਤ ਕਰ ਦਿੱਤਾ ਗਿਆ . ਪਰੰਤੂ ਆਮ ਕਰਕੇ ਇਹ ਨਹੀਂ ਹੁੰਦਾਂ . ਕਈ ਵਾਰ ਲਿਖਾਈ ਐਨੀ ਮਾੜੀ ਹੁੰਦੀ ਹੈ ਕਿ ਰਾਧਾ ਰਾਮ ਦੀ ਥਾਂ ਤੇ ਗਧਾ ਰਾਮ ਤੇ ਤਾਰਾ ਸਿੰਘ ਦੀ ਥਾਂ ਤੇ ਭਾਗ ਸਿੰਘ ਜਾਂ ਬਾਪ ਦੀ ਜਗਾਹ ਦਾਦੇ ਦਾ ਨਾਮ ਜਾਂ ਖਸਰਾ ਨੰਬਰ, ਰਕਬਾ ,ਜੋੜ ਆਦਿ ਗਲਤ ਦਰਜ਼ ਹੋ ਜਾਂਦੇ ਹਨ ਜਿਸਦੀ ਦਰੁਸਤੀ ਫਰਦ ਬਦਰ ਰਾਹੀਂ ਹੁੰਦੀ ਹੈ
ਫ਼ਰਦ ਬਦਰ ਬਾਰੇ ਸੋਚਦੇ-ਸੋਚਦੇ ਮੈਨੂੰ ਇੰਝ ਲਗਿਆ ਕੇ ਜੇਕਰ ਜਿੰਦਗੀ ਦੀਆਂ ਗਲਤੀਆਂ ਦੀ ਫਰਦ ਬਦਰ ਬਣਦੀ ਹੋਵੇ ਤਾਂ ਕਿੰਨਾ ਵਧੀਆ ਹੁੰਦਾ . ਪਟਵਾਰੀ ਸਾਹਬ ਕੋਲੇ ਜਾਕੇ ਫਰਦ ਬਦਰ ਬਣਵਾ ਦਿੰਦੇ ਮੈਨੂੰ ਇਹ ਵੀ ਲਗਦੇ ਕਿ ਮੇਰੀਆਂ ਸਾਰੀਆਂ ਗਲਤੀਆਂ ਲਿਖਣ ਲਈ ਤਾਂ ਪੂਰੀ ਕਿਤਾਬ ਹੀ ਭਰ ਜਾਂਦੀ . ਸਾਰਿਆਂ ਦੀਆਂ ਫਰਦ ਬਦਰਾਂ ਲਈ ਤਾਂ ਸਟੇਸ਼ਨਰੀ ਵੀ ਪੂਰੀ ਨਹੀਂ ਹੋਣੀ ਸੀ . ਇਸ ਕਰਕੇ ਪਟਵਾਰੀ ਸਾਹਬ ਨੂੰ ਇਹ ਅਧਿਕਾਰ ਨਹੀਂ ਦਿੱਤੇ ਗਏ . ਗਲਤੀਆਂ ਦੇ ਲੇਖ ਵਿਚ ਖਾਣ-ਪੀਣ , ਸੌਣ -ਜਗਨ , ਲੋਕ ਵਿਹਾਰ , ਦੇਖਣਾ ਸੁਣਨਾ - ਸੋਚਣਾ ਸਭ ਕੁਝ ਆ ਜਾਂਦਾਂ . ਐਨੀਆਂ ਗਲਤੀਆਂ ਦੀ ਫਰਦ ਬਦਰ ਇਕ ਪਟਵਾਰੀ ਜਾਂ ਇਨਸਾਨ ਨਹੀਂ ਬਣਾ ਸਕਦਾ .ਇਸਦੇ ਅਧਿਕਾਰ ਤਾਂ ਉਸ ਰਚਨਹਾਰੇ ਦੇ ਹਥ ਹੀ ਹਨ .ਇਹ ਅਧਿਕਾਰ ਉਸਨੇ ਕਿਸੇ ਗੁਰੂ ਪੀਰ , ਪੈਗਮ੍ਬਰ , ਫ਼ਕੀਰ, ਔਲੀਏ ਨੂੰ ਦਿੱਤੇ ਹੋਣਗੇ . ਜੋ ਫ਼ਰਦ ਬਦਰ ਤਿਆਰ ਕਰਕੇ ਗਲਤੀਆਂ ਦੂਰ ਕਰ ਸਕਦਾ ਹੈਂ ਜਾਂ ਗਲਤੀਆਂ ਦਾ ਪਰਚਾ ਸਾਫ਼ ਕਰ ਸਕਦਾ ਹੈ . ਸਭ ਨੂੰ ਪਾਕ-ਪਵਿੱਤਰ ਬਣਾ ਸਕਦਾ ਹੈ , ਆਓ ਰਲਕੇ ਜਿੰਦਗੀ ਦੀ ਫਰਦ ਬਦਰ ਬਣਾਉਣ ਲਈ ਉਸ ਕੋਲ ਦੁਆ ਕਰੀਏ ਕਿ ਹੇ ਸਚੇ ਸਾਂਈ , ਵਾਹਿਗੁਰੂ ਤੂੰ ਸਾਡੀਆਂ ਗਲਤੀਆਂ ਨੂੰ ਕਾਗਜ਼ ਦੇ ਵਰਕੇ ਤੇ ਨਾਂ ਲਿਆਈਂ . ਆਪਣੀ ਨਜਰ ਮੇਹਰ ਨਾਲ ਸਾਡੇ ਪਹਿਲੇ ਜਨਮ ਤੋਂ ਲੈ ਕੇ ਹੁਣ ਤੱਕ ਹੋਈਆਂ ਸਾਰੀਆਂ ਗਲਤੀਆਂ ਦੇ ਚਿਠੇ ਨੂੰ ਇਕੋ ਨਜ਼ਰ ਨਾਲ ਸਾਫ਼ ਕਰਦੇ . . ਇਹ ਤੇਰੀ ਦੁਨਿਆ , ਤੇਰੀ ਇਹ ਕੁਦਰਤ ਹਰੀ ਭਰੀ ਰਹੇ . ਪ੍ਰੇਮ ਦੀ ਵਰਖਾ ਹੁੰਦੀ ਰਹੇ . ਸਾਰੀ ਦੁਨੀਆਂ ਸੁੱਖ ਸ਼ਾਂਤੀ ਨਾਲ ਜਿੰਦਗੀ ਬਤੀਤ ਕਰੇ . ਪੰਛੀ ਬਨਸਪਤੀ , ਧਰਤੀ ਤੇ ਆਕਾਸ਼ ਵਿਚ ਉਡਾਰੀਆਂ ਮਾਰਨ,ਵਧਣ - ਫੁਲਣ  ,ਖੁਸ਼ ਰਹਿਣ . ਨਫਰਤ ,ਝਗੜੇ ,ਨਸ਼ੇ , ਪ੍ਰਦੂਸ਼ਨ ਖਤਮ ਹੋ ਜਾਣ . ਸਭ ਪਾਸੇ ਮੁਸਕਰਾਹਟ ਹੀ ਮੁਸਕਰਾਹਟ ਹੋਵੇ . ਆਪਸੀ ਪ੍ਰੇਮ ਪਿਆਰ ਦੀਆਂ ਸਾਂਝਾਂ ਫਿਰ ਪੈ ਜਾਣ . ਇਹ ਸਾਂਝੀ ਕਲਮ ਦੀ ਸਾਂਝੀਵਾਲਤਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਨਾਲ ਚਲਦੀ ਰਹੇ


'ਭੁੱਲਣਹਾਰ' ਗੁਰਮੇਲ 9888310979